ਇਸ ਵਿਚ ਕੋਈ ਸ਼ੱਕ ਨਹੀਂ ਕਿ ਜਪੁ ਬਾਣੀ (ਜਪੁਜੀ ਸਾਹਿਬ) ਅਤਿਅੰਤ ਡੂੰਘੇ ਫਲਸਫੇ ਅਤੇ ਅਧਿਆਤਮਕ ਵਿਚਾਰਾਂ ਨਾਲ ਭਰਪੂਰ ਹੈ, ਜੋ ਇਸ ਦੇ ਟੀਕਿਆਂ ਰਾਹੀਂ ਆਮ ਪਾਠਕਾਂ ਲਈ ਸੁਲਭ ਬਣੀ ਹੈ. ਇਨ੍ਹਾਂ ਟੀਕਿਆਂ ਨੇ ਬਾਣੀ ਦੇ ਗੂੜ੍ਹ ਅਰਥਾਂ ਨੂੰ ਸਰਲ ਬਣਾ ਕੇ ਇਸ ਦੇ ਅਧਿਆਤਮਕ ਸੰਦੇਸ਼ ਨੂੰ ਜਨ-ਸਾਧਾਰਨ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ. ਕੇਵਲ ਅਰਥਾਂ ਦੀ ਸਪਸ਼ਟਤਾ ਹੀ ਨਹੀਂ, ਸਗੋਂ ਟੀਕਿਆਂ ਨੇ ਬਾਣੀ ਦੇ ਸ਼ਬਦਾਂ ਦੇ ਸਹੀ ਭਾਵ, ਵਿਆਕਰਣਿਕ ਬਣਤਰ ਅਤੇ ਇਤਿਹਾਸਕ ਸੰਦਰਭ ਨੂੰ ਵੀ ਉਜਾਗਰ ਕੀਤਾ ਹੈ, ਜਿਸ ਨਾਲ ਪਾਠਕਾਂ ਨੂੰ ਮੂਲ ਭਾਵ ਨੂੰ ਸਹੀ ਢੰਗ ਨਾਲ ਗ੍ਰਹਿਣ ਕਰਨ ਵਿਚ ਸਹਾਇਤਾ ਮਿਲਦੀ ਹੈ.
ਵੱਖ-ਵੱਖ ਟੀਕਾਕਾਰਾਂ ਨੇ ਆਪਣੇ ਅਧਿਆਤਮਕ ਅਨੁਭਵ, ਵਿਦਵਤਾ ਅਤੇ ਸੰਪ੍ਰਦਾਇਕ ਦ੍ਰਿਸ਼ਟੀਕੋਣਾਂ ਅਨੁਸਾਰ ਜਪੁ ਬਾਣੀ ਦੀ ਵਿਆਖਿਆ ਕੀਤੀ ਹੈ, ਜਿਸ ਕਾਰਨ ਬਾਣੀ ਨੂੰ ਸਮਝਣ ਦੇ ਕਈ ਪਹਿਲੂ ਉੱਭਰ ਕੇ ਸਾਹਮਣੇ ਆਏ ਹਨ. ਇਹ ਵੱਖੋ-ਵੱਖਰੇ ਦ੍ਰਿਸ਼ਟੀਕੋਣ ਪਾਠਕਾਂ ਨੂੰ ਬਾਣੀ ਦੀ ਬਹੁ-ਆਯਾਮੀ ਪ੍ਰਕਿਰਤੀ ਨੂੰ ਸਮਝਣ ਅਤੇ ਆਪਣੀ ਅਧਿਆਤਮਕ ਯਾਤਰਾ ਲਈ ਪ੍ਰੇਰਣਾ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹਨ. ਇਸ ਤੋਂ ਇਲਾਵਾ, ਜਪੁ ਬਾਣੀ ਦੇ ਟੀਕਿਆਂ ਨੇ ਸਮੁੱਚੀ ਗੁਰਬਾਣੀ ਟੀਕਾਕਾਰੀ ਪਰੰਪਰਾ ਨੂੰ ਵੀ ਮਜ਼ਬੂਤ ਕੀਤਾ ਹੈ ਅਤੇ ਹੋਰ ਬਾਣੀਆਂ ਦੇ ਵਿਸਥਾਰਪੂਰਵਕ ਟੀਕੇ ਕਰਨ ਲਈ ਇਕ ਮਿਆਰ ਕਾਇਮ ਕੀਤਾ ਹੈ.
ਇਸ ਪਰੰਪਰਾ ਦੇ ਵਿਕਾਸ ਨਾਲ ਗੁਰਬਾਣੀ ਦੇ ਗਿਆਨ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨ ਵਿੱਚ ਵੱਡਾ ਯੋਗਦਾਨ ਪਿਆ ਹੈ.
ਇਸ ਪੱਖ ਤੋਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਅਤੇ ਨਾਮਵਰ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਜਪੁ ਬਾਣੀ ਦਾ ਇਕ ਨਵਾਂ ਦਰਪਣ ਸੰਗਤਾਂ ਦੇ ਸਨਮੁਖ ਕੀਤਾ ਹੈ. ਜਿਹੜਾ ਕਿ ਦੋ ਭਾਗਾਂ ਵਿਚ ਹੈ. ਦੋ ਭਾਗਾਂ ਵਿਚ ਜਪੁ ਬਾਣੀ ਦਾ ਟੀਕਾ ਹੋਣਾ ਵੀ ਪਹਿਲਾਂ ਤੇ ਆਪਣੇ-ਆਪ ਵਿਚ ਇਕ ਬਹੁਤ ਵੱਡੀ ਗੱਲ ਹੈ, ਦੂਸਰਾ ਉਨ੍ਹਾਂ ਨੇ ਇਹ ਟੀਕਾ ਅਕਾਦਮਿਕ ਸ਼ੈਲੀ ਤੇ ਪ੍ਰਣਾਲੀ ਰਾਹੀਂ ਗੁਰਬਾਣੀ ਖੋਜਾਰਥੀਆਂ, ਵਿਦਿਆਰਥੀਆਂ, ਪ੍ਰਚਾਰਕਾਂ ਤੇ ਕਥਾਵਾਚਕ ਸ਼੍ਰੇਣੀ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸਿੱਖੀ ਦੇ ਨਿਆਰੇ ਪਰਿਪੇਖ ਵਿਚ ਨੇਪਰੇ ਚਾੜ੍ਹਿਆ ਹੈ.
ਇਹ ਟੀਕਾ ਹੁਣ ਛਪਾਈ ਅਧੀਨ ਹੈ ਤੇ ਵੀਹ ਜੂਨ ਤਕ ਤੁਹਾਡੇ ਸਾਰਿਆਂ ਲਈ ਖਰੀਦ ਹਿਤ ਮੌਜੂਦ ਰਹੇਗਾ. ਉਮੀਦ ਹੈ “ਰੀਥਿੰਕ ਬੁਕਸ” ਦਾ ਇਹ ਕਾਰਜ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ.
~ਪਰਮਿੰਦਰ ਸਿੰਘ ਸ਼ੌਂਕੀ