ਗੁਰਬਾਣੀ ਦਾ ਪੈਂਤੜਾ ਬੰਦੇ ਦੀ, ਸਰਬੱਤ ਦੀ ਆਜ਼ਾਦੀ ਦਾ ਪੈਂਤੜਾ ਹੈ। ਇਸ ਵਾਸਤੇ ਇਹ ਮਾਇਆ ਵਾਲੀ ਤਰਜ਼ੇ-ਜ਼ਿੰਦਗੀ ਦੇ, ਉਸ ਦੇ ਨਜ਼ਰੀਏ ਦੇ ਮੁੱਢੋਂ ਲੱਗ ਕੇ ਅਖ਼ੀਰ ਤੱਕ ਵਿਰੋਧੀ ਹੈ। ਗੁਰਬਾਣੀ ਨਾਮ ਦਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਉਸ ਦੇ ਅਧਾਰ ’ਤੇ ਮਾਇਆ ਦੀ ਤਰਜ਼ੇ-ਜ਼ਿੰਦਗੀ ਦੇ ਹਰ ਪਹਿਲੂ ਤੋਂ ਤੂਸੜੇ ਉਡਾਉਂਦੀ ਹੈ। ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ ਆਰਥਕ ਨੀਂਹ ਹੈ, ਨਿੱਜੀ ਜਾਇਦਾਦ ਦੀ ਸੰਸਥਾ। ਜਿਸ ਦਾ ਅਰਥ ਹੈ ਪੈਦਾਵਾਰ ਦੇ ਵਸੀਲਿਆਂ ਵਿੱਚੋਂ ਵਸੋਂ ਦੀ ਬਹੁਗਿਣਤੀ ਦੀ ਬੇਦਖ਼ਲੀ। ਜ਼ਿੰਦਗੀ ਦੇ ਵਸੀਲਿਆਂ ਦੇ ਸੋਮੇ ਤੋਂ ਆਪਣੇ-ਆਪ ਤਾਂ ਕੋਈ ਬੇਦਖ਼ਲ ਹੁੰਦਾ ਨਹੀਂ। ਅਗਲਿਆਂ ਨੂੰ ਬੇਦਖ਼ਲ ਕਰਨਾ ਪੈਂਦਾ ਹੈ, ਹਿੱਕ ਦੇ ਧੱਕੇ ਨਾਲ। ਸੋ ਪ੍ਰਾਈਵੇਟ ਜਾਇਦਾਦ ਦੀ ਸੰਸਥਾ ਦੇ ਨਾਲ ਹੀ ਜੋੜੀ ਜੰਮੀ ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ ਸਟੇਟ। ਇਹ ਤਰਜ਼ੇ-ਜ਼ਿੰਦਗੀ ਸ਼ੈਤਾਨ ਦੀ ਬੇਟੀ ਹੈ। ਇਸ ਦਾ ਬੁਨਿਆਦੀ ਖ਼ਾਸਾ ਹੈ, ਜਿਨ੍ਹਾਂ ਦੇ ਹੱਥ ਪੈਦਾਵਾਰ ਕਰਦੇ ਹਨ ਉਨ੍ਹਾਂ ਦੀ ਮਿਹਨਤਕਸ਼ਾਂ ਦੀ ਲਹੂ-ਚੂਸੀ। ਹਾਕਮ ਜਮਾਤਾਂ ਪਲਦੀਆਂ ਨੇ ਅਗਲਿਆਂ ਦੀ ਕੀਤੀ ਹੋਈ ਕਮਾਈ ’ਤੇ ਉਨ੍ਹਾਂ ਦੀ ਪੀਤੀ ਹੋਈ ਰੱਤ ’ਤੇ। ਇਸ ਦਾ ਪੈਦਾਵਾਰ ਦਾ ਰੂਪ ਚੱਲਦਾ ਹੈ ਪੈਦਾਵਾਰ ਕਰਨ ਵਾਲਿਆਂ ਨਾਲ, ਮਿਹਨਤਕਸ਼ ਤਬਕੇ ਨਾਲ, ਪੈਦਾਵਾਰ ਦੇ ਵਸੀਲਿਆਂ ਦੇ ਮਾਲਕਾਂ, ਹਾਕਮ ਜਮਾਤਾਂ ਦੇ ਧੌਂਸ ਜ਼ਬਰ ਦੇ, ਪਾਪੀ-ਖ਼ੂੰਖ਼ਾਰੀ ਵਹਿਸ਼ੀ ਰਿਸ਼ਤੇ ਉੱਤੇ ਅਤੇ ਇਸ ਦੀ ਸਟੇਟ ਦਾ ਰੋਲ ਹੈ ਇਸ ਖ਼ੂੰਖ਼ਾਰੀ, ਵਹਿਸ਼ੀ ਰਿਸ਼ਤੇ ਨੂੰ ਬਰਕਰਾਰ ਰੱਖਣਾ। ਸਟੇਟ ਹੈ ਸਿਆਸੀ ਰਿਸ਼ਤਿਆਂ ਦਾ ਮਜ਼ਮੂਆ। ਸੋ ਦੂਸਰੇ ਲਫ਼ਜ਼ਾਂ ਵਿਚ, ਮਾਇਆ ਦੀ ਤਰਜ਼ੇ-ਜ਼ਿੰਦਗੀ ਦੀ ਸਟੇਟ ਹੈ ਖੂੰਖਾਰ, ਵਹਿਸ਼ੀ ਸਿਆਸੀ ਰਿਸ਼ਤਿਆਂ ਦਾ ਮਜ਼ਮੂਆ – ਖੂੰਖਾਰ, ਵਹਿਸ਼ੀ ਸੰਸਥਾ। ਲੋਕ ਆਪਣੀ ਹੱਥੀਂ ਵਾਪਰਦੀ ਤੋਂ ਜਾਣਦੇ ਹਨ ਕਿ ਇਸ ਤਰਜ਼ੇ-ਜ਼ਿੰਦਗੀ ਦੇ ਰਾਜ-ਪ੍ਰਬੰਧ ਦੇ ਜਿਸ ਪੁਰਜ਼ੇ ਨਾਲ ਉਨ੍ਹਾਂ ਦਾ ਵਾਹ ਪੈਂਦਾ ਹੈ ਉਹ ਉਨ੍ਹਾਂ ਦਾ ਮਿੱਤ ਨਹੀਂ, ਪਰ ਉਹ ਆਪਣੇ-ਆਪ, ਆਪਣੇ ਖਿੰਡੇ-ਪੁੰਡੇ ਅਨੁਭਵ ਨੂੰ ਸੂਤਰਬੱਧ ਨਹੀਂ ਕਰ ਸਕਦੇ। ਇਸ ਦੀ ਸਟੇਟ ਬਾਬਤ ਸਹੀ ਸਿਧਾਂਤ ਨਹੀਂ ਬਣਾ ਸਕਦੇ। ਸ਼ੈਤਾਨ ਦੀ ਬੇਟੀ ਹੋਣ ਦੇ ਨਾਤੇ ਇਸ ਤਰਜ਼ੇ ਜ਼ਿੰਦਗੀ ਨੇ ਆਪਣੀ, ਆਪਣੀਆਂ ਸੰਸਥਾਵਾਂ, ਆਪਦੇ ਸਮਾਜਕ ਰਿਸ਼ਤਿਆਂ ਆਦਿ ਦੀ ਅਸਲੀਅਤ ਬਾਬਤ ਤਾਂ ਉਭਾਸਰਨਾ ਹੀ ਨਾ ਹੋਇਆ। ਸਗੋਂ ਮੱਧ-ਕਾਲ ਵਿਚ ਜਦੋਂ ਸਮਾਜ ਦੀ ਚੇਤਨਤਾ ਦਾ ਰੂਪ ਮਜ਼੍ਹਬੀ ਸੀ, ਜਿਸ ਤਰਜ਼ੇ-ਜ਼ਿੰਦਗੀ ਦੀ ਕਲਚਰ ਨੇ ਵਸੋਂ ਦੇ ਮਨਾਂ ਵਿਚ ਆਪਣੀਆਂ ਸੰਸਥਾਵਾਂ ਆਦਿ ਦੀ ਪਵਿੱਤਰਤਾ ਦੀ ਧਾਂਕ ਬਿਠਾਉਣ ਵਾਸਤੇ ਉਨ੍ਹਾਂ ਉੱਤੇ ਮਜ਼੍ਹਬ ਦੀ, ਰੱਬ ਦੀ ਮੋਹਰ ਲਵਾਈ ਹੋਈ ਸੀ, ਆਪਣੀ ਸਟੇਟ ਬਾਬਤ ਰੈਸ਼ਨੇਲ ਬਣਾਇਆ ਹੋਇਆ ਸੀ ਕਿ ਬਾਦਸ਼ਾਹ ਧਰਤੀ ਉੱਤੇ ਰੱਬ ਦਾ ਪ੍ਰਤੀਨਿਧ ਹੈ। ਉਹ ਰਈਅਤ ਦਾ ਮਾਈ-ਬਾਪ ਹੈ ਅਤੇ ਰਾਜ ਕਰਨਾ ਉਸ ਨੂੰ ਰੱਬੋਂ ਮਿਲਿਆ ਹੱਕ ਹੈ, ਰਈਅਤ ਦੀ ਉਸ ਵੱਲ ਵਫ਼ਾਦਾਰੀ ਉਸ ਦਾ, ਪਰਮ ਧਰਮ ਹੈ। ਉਸ ਦੀ ਵਫ਼ਾਦਾਰੀ ਵੱਲੋਂ ਅੱਖਾਂ ਫਿਰਨੀਆਂ, ਉਸ ਦੇ ਵਿਰੁੱਧ ਸਾਜਿਸ਼-ਬਗ਼ਾਵਤ ਨਮਕ ਹਰਾਮੀ ਹੀ ਨਹੀਂ, ਜ਼ੁਰਮ ਹੀ ਨਹੀਂ, ਸਭ ਤੋਂ ਵੱਡਾ ਗੁਨਾਹ ਹੈ।