Already have an account?Login
ਅਕਸਰ ਜਦੋਂ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਕਿਤੇ ਗੱਲ ਚੱਲਦੀ ਹੈ ਤਾਂ ਇਸ ਕਤਲ ਦੇ ਪੱਖ ਵਿੱਚ ਇੱਕ ਮਹੱਤਵਪੂਰਨ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਕਤਲ ਪੰਜ ਅਹਿਮ ਖਾੜਕੂ ਜੱਥੇਬੰਦੀਆਂ ਨੇ ਮਿਲ ਕੇ ਕੀਤਾ ਸੀ. ਇੱਥੇ ਮੈਂ ਖਾੜਕੂ ਜਥੇਬੰਦੀਆਂ ਦੇ ਇਤਿਹਾਸਿਕ ਵਿਸ਼ਲੇਸ਼ਣ ਅਤੇ ਆਚਰਨ ਬਾਰੇ ਫਿਲਹਾਲ ਕੋਈ ਗੱਲ ਨਹੀਂ ਕਰਾਂਗਾ, ਬਲਕਿ ਇਸ ਤੱਥ ਵੱਲ ਤੁਹਾਡਾ ਧਿਆਨ ਦਿਵਾਉਣ ਦੀ ਕੋਸ਼ਸ਼ ਕਰਾਂਗਾ ਕਿ ਜੇਕਰ ਪੰਜ ਜਥੇਬੰਦੀਆਂ ਨੇ ਇਸ ਕਤਲ ਦੀ ਹਾਮੀ ਭਰੀ ਸੀ ਤਾਂ ਦਰਜਨਾਂ ਵੱਡੇ ਖਾੜਕੂ ਨਾਮਾਂ/ਖਾੜਕੂ ਜਥੇਬੰਦੀਆਂ ਦੇ ਮੁਖੀਆਂ ਨੇ ਇਸ ਦਾ ਭਰਪੂਰ ਵਿਰੋਧ ਵੀ ਕੀਤਾ ਸੀ, ਜਿਨ੍ਹਾਂ ਵਿੱਚ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਸ਼ਹੀਦ ਬਾਬਾ ਗੁਰਚਰਨ ਸਿੰਘ ਮਾਨੋਚਾਹਲ ਅਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਵੱਡੇ ਨਾਮ ਸ਼ਾਮਲ ਸਨ. ਜਿਹੜੇ ਇਹ ਸਪਸ਼ਟ ਕਰਦੇ ਹਨ ਕਿ ਜੇਕਰ ਖਾੜਕੂ ਲਹਿਰ ਦੀਆਂ ਦਰਜਨਾਂ ਜਥੇਬੰਦੀਆਂ ਵਿੱਚੋਂ ਕੋਈ ਪੰਜ ਆਪਹੁਦਰੀ ਹਰਕਤ ਨੂੰ ਪੰਥਕ ਫੈਸਲੇ ਤੇ ਨਾਮ ਤੇ ਮੜ੍ਹ ਕੇ ਇਸ ਅਣਮਨੁੱਖੀ ਕਤਲ ਨੂੰ ਸਿੱਖ ਇਤਿਹਾਸ ਅੰਦਰ ਪ੍ਰਵਾਨਗੀ ਦਿਵਾਉਣ ਦੀ ਕੋਸ਼ਸ਼ ਕਰਨਗੀਆਂ ਤਾਂ ਉਨ੍ਹਾਂ ਦਾ ਇਹ ਤਰਕ ਤੇ ਪੱਖ ਜਥੇਬੰਦੀਆਂ ਦੇ ਹਵਾਲੇ ਨਾਲ ਹੀ ਰੱਦ ਕੀਤਾ ਜਾਏਗਾ. ਇਸ ਲਈ ਪੰਜ ਜਥੇਬੰਦੀਆਂ ਦਾ ਇਹ ਕੁਤਰਕ ਇਹ ਤਾਂ ਸਾਬਤ ਕਰ ਦਿੰਦਾ ਹੈ ਕਿ ਸੰਘਰਸ਼ ਅੰਦਰ ਇਹੀ ਪੰਜ ਜਥੇਬੰਦੀਆਂ ਕੁਲ ਪੰਥ ਨਹੀਂ ਸਨ ਤੇ ਨਾ ਹੀ ਸੰਧੂ ਦਾ ਕਤਲ ਕੋਈ ਪੰਥਕ ਫੈਸਲਾ ਜਾਂ ਪੰਥਕ ਚੜਦੀਕਲਾ ਹਿਤ ਸੀ. ਖੈਰ…
ਪਿਛਲੇ ਸਾਲ ਭਾਈ ਹਰਮਿੰਦਰ ਸਿੰਘ ਸੰਧੂ ਬਾਬਤ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਆਈ ਸੀ – ਰੌਸ਼ਨ ਦਿਮਾਗ. ਉਨ੍ਹਾਂ ਹੀ ਦਿਨਾਂ ਵਿਚ ਭਾਈ ਦਲਜੀਤ ਸਿੰਘ ਬਿੱਟੂ ਹੁਰਾਂ ਦੀ ਕਿਤਾਬ ਆਈ ਸੀ ਖਾੜਕੂ ਸੰਘਰਸ਼ ਦੀ ਸਾਖੀ (ਭਾਗ ੨) ਇਨ੍ਹਾਂ ਦੋਵਾਂ ਕਿਤਾਬਾਂ ਦੀ ਤੁਲਨਾਤਮਿਕ ਗੱਲਬਾਤ ਨਾਂ-ਮਾਤਰ ਰੂਪ ਵਿਚ ਸਾਡੇ ਸਾਹਮਣੇ ਵੇਖਣ ਨੂੰ ਆਈ. ਜਦ ਕਿ ਇਹ ਦੋਵੇਂ ਕਿਤਾਬਾਂ ਵੱਡੀ ਬਹਿਸ ਦੀ ਮੰਗ ਕਰਦੀਆਂ ਸਨ. ਭਾਈ ਸੰਧੂ ਦੇ ਕਤਲ ਦੇ ਮੁਆਮਲੇ ਵਿੱਚ ਸ਼ਾਮਲ ਹੁਣ ਸਿਰਫ ਇੱਕ ਹੀ ਸ਼ਖਸ ਜ਼ਿੰਦਾ ਹੈ ਤੇ ਉਹ ਹੈ ਭਾਈ ਦਲਜੀਤ ਸਿੰਘ. ਭਾਈ ਦਲਜੀਤ ਸਿੰਘ ਹੁਰਾਂ ਆਪਣੀ ਕਿਤਾਬ ਅੰਦਰ ਇਸ ਕਤਲ ਬਾਰੇ ਕੋਈ ਬਹੁਤਾ ਵਿਸਤਾਰ ਨਹੀਂ ਦਿੱਤਾ ਤੇ ਨਾ ਹੀ ਰੌਸ਼ਨ ਦਿਮਾਗ ਕਿਤਾਬ ਅੰਦਰ ਇਸ ਪੱਖ ਤੋਂ ਕੋਈ ਬੱਝਵੀਂ ਗੱਲਬਾਤ ਹੋਈ ਹੈ. ਪਰ ਰੌਸ਼ਨ ਦਿਮਾਗ ਕਿਤਾਬ ਭਾਈ ਸੰਧੂ ਦੇ ਕਤਲ ਦੀਆਂ ਕਈ ਪਰਤਾਂ ਖੋਲ੍ਹਦੀ ਹੈ, ਜਦ ਕਿ ਇਸ ਬਾਰੇ ਲਗਾਤਾਰ ਵਿਵਾਦ ਜਾਰੀ ਰਹਿਣ ਕਾਰਨ ਇਹ ਗੱਲਬਾਤ ਰੱਖਣ ਦਾ ਨੈਤਿਕ ਫਰਜ ਭਾਈ ਦਲਜੀਤ ਸਿੰਘ ਹੁਰਾਂ ਦਾ ਬਣਦਾ ਸੀ.
ਜਿਸ ਵਕਤ ਰੌਸ਼ਨ ਦਿਮਾਗ ਕਿਤਾਬ ਆਈ ਸੀ, ਉਸ ਵਕਤ ਮੈਂ ਸੋਸ਼ਲ ਮੀਡੀਆ ਤੇ ਕਾਫੀ ਕੁਝ ਲਿਖਿਆ ਸੀ. ਜਿਸ ਕਾਰਨ ਮੇਰਾ ਬੇਥਾਵਾਂ ਤੇ ਬੇਦਲੀਲਾ ਵਿਰੋਧ ਵੀ ਹੋਇਆ, ਪਰ ਕੋਈ ਠੋਸ ਤਰਕ ਜਾਂ ਦਲੀਲ ਸਾਹਮਣੇ ਨਾ ਸਕੀ. ਸਾਰੀਆਂ ਟਿੱਪਣੀਆਂ ਅਤੇ ਘਟਨਾਵਾਂ ਦੇ ਹਵਾਲੇ ਨਾਲ ਮੈਂ ਸਮਝਿਆ ਕਿ ਭਾਈ ਸੰਧੂ ਦੇ ਮਸਲੇ ਤੇ ਸਿੱਖ ਦੋ ਤਰੀਕੇ ਨਾਲ ਸੋਚਦੇ ਹਨ – ਇੱਕ ਇਤਿਹਾਸਿਕ ਵਿਸ਼ਲੇਸ਼ਣ ਰਾਹੀਂ ਅਤੇ ਦੂਸਰਾ ਭਾਵੁਕ ਸੰਬੰਧਾਂ ਸਦਕਾ. ਭਾਈ ਸੰਧੂ ਦੇ ਕਤਲ ਦਾ ਸਮਰਥਨ ਕਰਨ ਵਾਲੀ ਧਿਰ ਜਾਂ ਸਮੂਹ ਕੋਲ ਪੁਖ਼ਤਾ ਸਬੂਤਾਂ ਤੇ ਤੱਥਾਂ ਦੀ ਕਮੀ ਹੋਣ ਕਾਰਨ ਮੈਂ ਫੈਸਲਾ ਕੀਤਾ ਸੀ ਕਿ ਨਿਰਪੱਖ ਨਜ਼ਰੀਏ ਨੂੰ ਇਤਿਹਾਸ ਦਾ ਅੰਗ ਬਣਾਉਣ ਲਈ ਅਤੇ ਇਸ ਮਸਲੇ ਦੇ ਬਹਾਨੇ ਸਿੱਖ ਸੰਘਰਸ਼ ਨੂੰ ਬੌਧਿਕ ਵਿਸ਼ਲੇਸ਼ਣ ਦਾ ਵਿਸ਼ਾ ਬਣਾਉਣ ਲਈ ਰੌਸ਼ਨ ਦਿਮਾਗ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਕਈ ਗੱਲਾਂ ਵਿੱਚ ਅੰਗਰੇਜ਼ੀ ਪੜ੍ਹਤ ਦਾ ਪਾਠਕ ਵੀ ਇੱਕ ਵੱਡੀ ਗੁਮਰਾਹਕੁੰਨ ਸਥਿਤੀ ਵਿੱਚ ਬੈਠਾ ਹੈ. ਜਿਸ ਬਾਰੇ ਆਪਾਂ ਫਿਰ ਕਦੀ ਗੱਲਬਾਤ ਕਰਾਂਗੇ.
ਇਸ ਸਥਿਤੀ ਨਾਲ ਨਜਿੱਠਣ ਲਈ ਅਮਰੀਕਾ ਵੱਸਦੇ ਮਿੱਤਰ ਤੇ ਵੱਡੇ ਬਾਈ ਪ੍ਰੀਤਮ ਸਿੰਘ ਜੋਗਾਨੰਗਲ ਹੁਰਾਂ ਦੇ ਸਹਿਯੋਗ ਸਦਕਾ ਅਸੀਂ ਰੌਸ਼ਨ ਦਿਮਾਗ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਹੁਣ ਪ੍ਰਕਾਸ਼ਿਤ ਕਰ ਚੁੱਕੇ ਹਾਂ. ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਪ੍ਰਕਾਸ਼ਕ ਦੁਆਰਾ ਅੰਗਰੇਜ਼ੀ ਵਿੱਚ ਛਾਪੀ ਗਈ ਕਿਤਾਬ ਹਜ਼ਾਰਾਂ ਦੀ ਗਿਣਤੀ ਵਿੱਚ ਛਪੀ ਹੈ. ਕਿਤਾਬ ਨੂੰ ਅਨੁਵਾਦ ਅੰਮ੍ਰਿਤਬੀਰ ਕੌਰ ਨੇ ਕੀਤਾ ਹੈ ਤੇ ਪ੍ਰਕਾਸ਼ਨ ਰੀਥਿੰਕ ਬੁਕਸ ਦੁਆਰਾ ਹੋਇਆ ਹੈ. ਜਲਦ ਹੀ ਇਹ ਕਿਤਾਬ ਦੇਸ-ਦੁਨੀਆ ਦੇ ਹਰ ਇਕ ਕੋਨੇ ਤੱਕ ਪਹੁੰਚ ਜਾਏਗੀ ਤੇ ਪੰਜਾਬ ਅੰਦਰ ਵੀ ਇਸ ਸੰਬੰਧੀ ਬੱਝਵੀਂ ਗੱਲਬਾਤ ਮੁੜ ਸ਼ੁਰੂ ਕੀਤੀ ਜਾਏਗੀ.
ਮੈਨੂੰ ਉਮੀਦ ਹੈ ਰੌਸ਼ਨ ਦਿਮਾਗ ਦਾ ਅੰਗਰੇਜ਼ੀ ਅਨੁਵਾਦ ਪਾਠਕਾਂ ਨੂੰ ਪਸੰਦ ਆਏਗਾ ਤੇ ਅਸੀਂ ਭਾਵੁਕ ਸਹਿਮਤੀਆਂ ਵਿੱਚੋਂ ਨਿਕਲ ਕੇ ਲਹਿਰ ਦੇ ਸੱਚ ਤੱਕ ਪਹੁੰਚਣ ਦਾ ਰਾਹ ਅਖ਼ਤਿਆਰ ਕਰਾਂਗੇ. ਹਾਲਾਂਕਿ ਮੈਂ ਇਹ ਵੀ ਜਾਣਦਾ ਹਾਂ ਕਿ ਰਾਹ ਅਪਣਾਉਣਾ ਤੇ ਇਸ ਦੀ ਮਹੱਤਤਾ ਸਮਝਣ ਲਈ ਫਿਲਹਾਲ ਸਿੱਖ ਭਾਈਚਾਰਾ ਮਾਨਸਿਕ ਤੌਰ ਤੇ ਤਿਆਰ ਨਹੀਂ, ਪਰ ਇਤਿਹਾਸ ਆਪਣੇ ਹੀ ਤਰੀਕੇ ਨਾਲ ਕੰਮ ਕਰਦਾ ਹੈ. ਇਹ ਕਿਸੇ ਦਾ ਲਿਹਾਜ ਨਹੀਂ ਕਰਦਾ. ਇਹੀ ਇਸ ਦੀ ਵਿਸ਼ੇਸ਼ਤਾ ਹੈ.
ਕਿਤਾਬ ਮੰਗਵਾਉਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ. ਨੰਬਰ ਹੈ – 9464346677
~ਪਰਮਿੰਦਰ ਸਿੰਘ ਸ਼ੌਂਕੀ
Legal Links
Reach Us
Village Fatehgarh Chhanna, P.O Deh-Kalan, Teh.Distt: Sangrur, Punjab: 148034
Call: 88376-61984, 9464346677, 8851031531
Email: rethinkbooks24@gmail.com
Reviews
There are no reviews yet.