ਇਹ ਮਹਿਜ਼ ਇਕ ਨਾਵਲ ਨਹੀਂ, ਸਗੋਂ ਭਾਰਤ ਅੰਦਰ ਦਲਿਤ ਜਾਤਾਂ ਦਾ ਇਕ ਪੁਖ਼ਤਾ ਦਸਤਾਵੇਜ਼ ਵੀ ਹੈ. ਇਸ ਦੇ ਲੇਖਕ ਸ਼ਰਣ ਕੁਮਾਰ ਲਿੰਬਾਲੇ ਭਾਰਤ ਦੇ ਨਾਮਵਰ ਦਲਿਤ ਲੇਖਕਾਂ ਵਿਚੋਂ ਇਕ ਗਿਣੇ ਜਾਂਦੇ ਹਨ, ਜਿਨ੍ਹਾਂ ਨੇ ਲਗਾਤਾਰ ਭਾਰਤ ਦੀਆਂ ਦੱਬੀਆਂ-ਕੁਚਲ਼ੀਆਂ ਜਾਤਾਂ ਬਾਰੇ ਨਿੱਡਰਤਾ ਸਹਿਤ ਲਿਖਿਆ ਹੈ. ਆਪਣੇ ਇਸ ਨਾਵਲ ਅੰਦਰ ਉਹ ਇਨ੍ਹਾਂ ਹੀ ਜਾਤਾਂ ਵਿਚੋਂ ਇਕ– ਮਹਾਰ ਜਾਤੀ ਦੀ ਗੱਲ ਕਰਦਿਆਂ ਭਾਰਤ ਦੀ ਵੰਡ ਤੱਕ ਦੇ ਉਸ ਦੇ ਇਤਿਹਾਸ, ਦੁਖਾਂਤ ਤੇ ਪ੍ਰਾਪਤੀਆਂ ਉੱਪਰ ਇਕ ਬੱਝਵੀਂ ਚਰਚਾ ਕਰਦੇ ਹਨ. ਇਹ ਇਕ ਅਜਿਹੀ ਚਰਚਾ ਹੈ, ਜਿਹੜੀ ਕਿ ਇੱਕੀਵੀਂ ਸਦੀ ਦੇ ਭਾਰਤ ਦੇ ਮੱਥੇ ਉੱਤੇ ਲੱਗਾ ਬਦਨੁਮਾ ਦਾਗ਼ ਹੈ. ਨਾਵਲਕਾਰ ਦੀ ਦੱਸੀ ਸਾਰੀ ਕਹਾਣੀ ਹੀ ਇਸ ਦਾਗ਼ ਦਾ ਬਿਆਨ ਹੈ. ਜਿਸ ਨੂੰ ਸਮਝ ਕੇ ਅਮਲੀ ਰੂਪ ਵਿਚ ਇਸ ਦੇ ਹੱਲਾਂ ਹਿਤ ਤਿਆਰ ਹੋਣਾ ਸਾਡੀ ਸਾਰੀਆਂ ਦੀ ਮੁੱਢਲੀ ਜ਼ਿੰਮੇਵਾਰੀ ਹੈ.