ਫਿਯੋਦਰ ਦੋਸਤੋਏਵਸਕੀ ਦਾ ਨਾਵਲ “ਜੁਰਮ ਅਤੇ ਸਜ਼ਾ” ਉੱਨ੍ਹੀਵੀਂ ਸਦੀ ਦੇ ਰੂਸੀ ਸਮਾਜਕ-ਸੰਸਕ੍ਰਿਤਿਕ ਪ੍ਰਸੰਗ ਵਿੱਚ ਲਿਖਿਆ ਗਿਆ ਇੱਕ ਅਹਿਮ ਮਨੋਵਿਗਿਆਨਕ ਅਤੇ ਦਾਰਸ਼ਨਿਕ ਗ੍ਰੰਥ ਹੈ, ਜੋ ਮਨੁੱਖੀ ਹੋਂਦ, ਨੈਤਿਕਤਾ ਅਤੇ ਅੰਦਰੂਨੀ ਸੰਘਰਸ਼ਾਂ ਦੀ ਵਿਸ਼ਲੇਸ਼ਣਾਤਮਿਕ ਪੜਤਾਲ ਕਰਦਾ ਹੈ। ਇਹ ਰਚਨਾ ਆਧੁਨਿਕ ਮਨੋਵਿਗਿਆਨਕ ਨਾਵਲ ਦੇ ਵਿਕਾਸ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ।
ਨਾਵਲ ਦਾ ਕੇਂਦਰ ਰੋਦਿਓਨ ਰਾਸਕੋਲਨੀਕੋਵ ਹੈ, ਜੋ ਇੱਕ ਗ਼ਰੀਬ, ਪਰ ਬੁੱਧੀਜੀਵੀ ਵਿਦਿਆਰਥੀ ਹੈ। ਉਹ ਇੱਕ ਅਜਿਹੇ ਸਿਧਾਂਤ ਦੀ ਰਚਨਾ ਕਰਦਾ ਹੈ, ਜਿਸ ਅਨੁਸਾਰ ਮਨੁੱਖਤਾ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ: “ਸਧਾਰਨ” ਲੋਕ, ਜੋ ਸਮਾਜਕ ਨਿਯਮਾਂ ਦੇ ਅਧੀਨ ਰਹਿੰਦੇ ਹਨ, ਅਤੇ “ਅਸਧਾਰਨ” ਵਿਅਕਤੀ, ਜੋ ਇਤਿਹਾਸਕ ਪ੍ਰਗਤੀ ਲਈ ਨੈਤਿਕ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਸਿਧਾਂਤ ਦੀ ਪ੍ਰਯੋਗਿਕ ਪਰਖ ਵਜੋਂ ਉਹ ਇੱਕ ਸੂਦਖ਼ੋਰ ਬੁੱਢੀ ਔਰਤ ਦਾ ਕਤਲ ਕਰਦਾ ਹੈ, ਪਰ ਇਹ ਅਪਰਾਧ ਉਸ ਨੂੰ ਆਤਮਿਕ ਸ਼ਾਂਤੀ ਦੇਣ ਦੀ ਬਜਾਏ ਗਹਿਰੇ ਮਨੋਵਿਗਿਆਨਕ ਵਿਘਟਨ ਵਿੱਚ ਧੱਕ ਦਿੰਦਾ ਹੈ।
ਦੋਸਤੋਏਵਸਕੀ ਰਾਸਕੋਲਨੀਕੋਵ ਦੇ ਅੰਦਰੂਨੀ ਸੰਘਰਸ਼ ਨੂੰ ਸਿਰਫ਼ ਵਿਅਕਤੀਗਤ ਪੱਧਰ ਤੱਕ ਸੀਮਿਤ ਨਹੀਂ ਰੱਖਦੇ, ਸਗੋਂ ਇਸ ਨੂੰ ਵਿਆਪਕ ਸਮਾਜਕ ਅਤੇ ਦਾਰਸ਼ਨਿਕ ਪ੍ਰਸੰਗ ਨਾਲ ਜੋੜਦੇ ਹਨ। ਨਾਵਲ ਵਿੱਚ ਦਰਸਾਇਆ ਗਿਆ ਦੋਸ਼-ਬੋਧ, ਅਪਰਾਧ ਅਤੇ ਪਛਤਾਵੇ ਦਾ ਸੰਬੰਧ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਨੈਤਿਕਤਾ ਸਿਰਫ਼ ਬਾਹਰੀ ਕਾਨੂੰਨੀ ਪ੍ਰਣਾਲੀ ਦਾ ਮਾਮਲਾ ਨਹੀਂ, ਬਲਕਿ ਮਨੁੱਖੀ ਅੰਦਰੂਨੀ ਚੇਤਨਾ ਦਾ ਅਟੁੱਟ ਅੰਗ ਹੈ।
ਇਸ ਰਚਨਾ ਵਿੱਚ ਸੇਂਟ ਪੀਟਰਜ਼ਬਰਗ ਦਾ ਸ਼ਹਿਰ ਵੀ ਇੱਕ ਪ੍ਰਤੀਕਾਤਮਿਕ ਭੂਮਿਕਾ ਨਿਭਾਉਂਦਾ ਹੈ। ਗੰਦੀਆਂ ਗਲੀਆਂ, ਭੀੜ-ਭੜੱਕਾ ਅਤੇ ਗ਼ਰੀਬੀ ਦਾ ਵਾਤਾਵਰਣ ਰਾਸਕੋਲਨੀਕੋਵ ਦੀ ਮਨੋਸਥਿਤੀ ਨੂੰ ਦਰਸਾਉਂਦਾ ਹੈ, ਜਿੱਥੇ ਬਾਹਰੀ ਅਵਿਵਸਥਾ ਉਸ ਦੇ ਅੰਦਰੂਨੀ ਅਸੰਤੁਲਨ ਦਾ ਪ੍ਰਤੀਬਿੰਬ ਬਣ ਜਾਂਦੀ ਹੈ। ਇਸ ਤਰ੍ਹਾਂ, ਭੌਤਿਕ ਪਰਿਪੇਖ ਅਤੇ ਮਨੋਵਿਗਿਆਨਕ ਅਵਸਥਾ ਵਿੱਚ ਗਹਿਰਾ ਸੰਬੰਧ ਸਥਾਪਿਤ ਹੁੰਦਾ ਹੈ।
ਦੋਸਤੋਏਵਸਕੀ ਦਾ ਲੇਖਣ ਇੱਥੇ ਬਹੁ-ਸੁਰਤਾ ਦੀ ਵਿਸ਼ੇਸ਼ਤਾ ਨੂੰ ਵੀ ਪ੍ਰਗਟ ਕਰਦਾ ਹੈ, ਜਿੱਥੇ ਵੱਖ-ਵੱਖ ਪਾਤਰ ਵੱਖ-ਵੱਖ ਦਾਰਸ਼ਨਿਕ ਮੱਤਾਂ ਦੀ ਨੁਮਾਇੰਦਗੀ ਕਰਦੇ ਹਨ। ਸੋਨੀਆ ਦਾ ਪਾਤਰ ਆਤਮਿਕਤਾ ਅਤੇ ਤਿਆਗ ਦਾ ਪ੍ਰਤੀਕ ਹੈ, ਜਦਕਿ ਪੋਰਫਿਰੀ ਪੇਤਰੋਵਿਚ ਨਿਆਂ ਅਤੇ ਤਰਕਸ਼ੀਲਤਾ ਦੀ ਆਵਾਜ਼ ਹੈ। ਇਹ ਸਾਰੇ ਪਾਤਰ ਰਾਸਕੋਲਨੀਕੋਵ ਦੇ ਵਿਚਾਰਾਂ ਨਾਲ ਟਕਰਾਉਂਦੇ ਹੋਏ ਨਾਵਲ ਨੂੰ ਇੱਕ ਗਹਿਰੇ ਵਿਚਾਰਕ ਭੇੜ ਵਿੱਚ ਤਬਦੀਲ ਕਰਦੇ ਹਨ। ਜਿੱਥੇ ਤਰਕ, ਅਹੰਕਾਰ ਅਤੇ ਨੈਤਿਕ ਜ਼ਿੰਮੇਵਾਰੀ ਇੱਕ-ਦੂਜੇ ਨਾਲ ਟਕਰਾਉਂਦੇ ਹਨ।
ਇਹ ਨਾਵਲ ਦਰਸਾਉਂਦਾ ਹੈ ਕਿ ਜੁਰਮ ਦੀ ਅਸਲ ਸਜ਼ਾ ਸਿਰਫ਼ ਕਾਨੂੰਨੀ ਸਜ਼ਾ ਨਹੀਂ, ਸਗੋਂ ਮਨੁੱਖੀ ਆਤਮਾ ਵਿੱਚ ਉੱਭਰਦਾ ਦੋਸ਼-ਬੋਧ ਅਤੇ ਅੰਦਰੂਨੀ ਪੀੜ ਹੈ। ਇਸ ਪ੍ਰਸੰਗ ਵਿੱਚ, ਦੋਸਤੋਏਵਸਕੀ ਮਨੁੱਖੀ ਮੁਕਤੀ ਨੂੰ ਪਛਤਾਵੇ, ਸਵੀਕਾਰਤਾ ਅਤੇ ਆਤਮਿਕ ਪੁਨਰ-ਜਨਮ ਨਾਲ ਜੋੜਦੇ ਹਨ, ਜੋ ਇਸ ਰਚਨਾ ਨੂੰ ਸਿਰਫ਼ ਇੱਕ ਕਥਾ ਨਹੀਂ, ਸਗੋਂ ਇੱਕ ਡੂੰਘਾ ਦਾਰਸ਼ਨਿਕ ਅਨੁਭਵ ਬਣਾਉਂਦਾ ਹੈ।
ਪਰਮਿੰਦਰ ਸਿੰਘ ਸ਼ੌਂਕੀ