Already have an account?Login
₹399.00 Original price was: ₹399.00.₹340.00Current price is: ₹340.00.
ਸਨਮ ਸੁਤੀਰਥ ਵਜ਼ੀਰ ਦੀ ਕਿਤਾਬ “ਦਅ ਕੌਰਜ਼ ਆਫ਼ 1984” 1984 ਦੀ ਸਿੱਖ ਨਸਲਕੁਸ਼ੀ ਦੌਰਾਨ ਬੀਬੀਆਂ ਦੇ ਅਨੁਭਵਾਂ ਨੂੰ ਕੇਂਦਰ ਵਿੱਚ ਰੱਖ ਕੇ ਲਿੰਗ, ਯਾਦ, ਅਤੇ ਹਿੰਸਾ ਵਰਗੀਆਂ ਸੰਕਲਪਨਾਵਾਂ ਨੂੰ ਸਮਝਣ ਲਈ ਇਕ ਮਹੱਤਵਪੂਰਨ ਦਸਤਾਵੇਜ਼ ਵਜੋਂ ਉੱਭਰਦੀ ਹੈ. ਇਹ ਰਚਨਾ ਸਮਾਜ ਵਿਗਿਆਨ, ਨਾਰੀਵਾਦੀ ਅਧਿਐਨ, ਅਤੇ ਇਤਿਹਾਸ ਦੇ ਅਕਾਦਮਿਕ ਖੇਤਰਾਂ ਵਿਚ ਨਵੀਂਆਂ ਬਹਿਸਾਂ ਨੂੰ ਜਨਮ ਦਿੰਦੀ ਹੈ, ਜਿਸ ਨਾਲ ਇਤਿਹਾਸਕ ਘਟਨਾਵਾਂ ਦੇ ਬਿਰਤਾਂਤਿਕ ਚੌਖਟੇ ਵਿਚ ਬੀਬੀਆਂ ਦੀ ਭੂਮਿਕਾ ਨੂੰ ਪੁਨਰ-ਪਰਿਭਾਸ਼ਿਤ ਕੀਤਾ ਗਿਆ ਹੈ.
ਇਹ ਪੁਸਤਕ ਸਿੱਖ ਬੀਬੀਆਂ ਦੀਆਂ ਅਣਸੁਣੀਆਂ ਕਹਾਣੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਇਤਿਹਾਸ ਰਾਹੀਂ ਦੁਨੀਆ ਸਾਹਮਣੇ ਲਿਆਉਂਦੀ ਹੈ. ਇਹ ਉਹ ਕਹਾਣੀਆਂ ਹਨ ਜਿਨ੍ਹਾਂ ਨੂੰ ਮੁੱਖ ਧਾਰਾ ਦੇ ਇਤਿਹਾਸ ਅਤੇ ਰਾਜਨੀਤਿਕ ਵਿਸ਼ਲੇਸ਼ਣ ਵਿਚ ਜਾਂ ਤਾਂ ਅਣਡਿੱਠ ਕੀਤਾ ਗਿਆ ਜਾਂ ਦਬਾ ਦਿੱਤਾ ਗਿਆ. ਵਜ਼ੀਰ ਨੇ ਵਿਧਵਾਵਾਂ, ਜੇਲ੍ਹ ਕੱਟ ਚੁੱਕੀਆਂ ਮੁਟਿਆਰਾਂ, ਵਿਦਿਆਰਥਣਾਂ, ਖਾੜਕੂ ਪਰਿਵਾਰਾਂ ਦੀਆਂ ਬੀਬੀਆਂ, ਅਤੇ ਰਾਹਤ ਕੈਂਪਾਂ ਵਿਚ ਰਹਿੰਦੀਆਂ ਪੀੜਤਾਂ ਦੇ ਜੀਵਨ ਅਨੁਭਵਾਂ ਨੂੰ ਵਾਚਿਕ ਸੰਸਕਾਰ, ਸਮਾਜਿਕ ਸੰਦਰਭ ਅਤੇ ਨੈਤਿਕ ਇਮਾਨਦਾਰੀ ਨਾਲ ਦਰਜ ਕੀਤਾ ਹੈ. ਇਹ ਪ੍ਰਕਿਰਿਆ ਨਾ ਸਿਰਫ਼ ਇਤਿਹਾਸ ਦੀ ਪੁਨਰ-ਰਚਨਾ ਕਰਦੀ ਹੈ, ਸਗੋਂ ਸਿਆਸੀ ਅਤੇ ਸਾਂਸਕ੍ਰਿਤਿਕ ਢਾਂਚਿਆਂ ਦੀ ਭੂਮਿਕਾ ‘ਤੇ ਵੀ ਡੂੰਘਾ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ.
“ਦਅ ਕੌਰਜ਼ ਆਫ਼ 1984” ਸਿਰਫ਼ ਹਿੰਸਾ ਦੀ ਗਵਾਹੀ ਨਹੀਂ, ਬਲਕਿ ਹਿੰਸਾ ਪਿਛਲੇ ਰਾਜਨੀਤਿਕ, ਧਾਰਮਿਕ, ਅਤੇ ਲਿੰਗ-ਆਧਾਰਤ ਸੰਕਟ ਦੀ ਚੀਰ-ਫਾੜ ਵੀ ਹੈ. ਇਹ ਕਿਤਾਬ 1984 ਦੀਆਂ ਘਟਨਾਵਾਂ ਨੂੰ ‘ਦੰਗਿਆਂ’ ਵਜੋਂ ਨਹੀਂ, ਸਗੋਂ ਇੱਕ ਯੋਜਨਾਬੱਧ, ਸਟੇਟ-ਸਪਾਂਸਰਡ ਨਸਲਕੁਸ਼ੀ ਦੇ ਤੌਰ ‘ਤੇ ਪੇਸ਼ ਕਰਦੀ ਹੈ, ਜਿਸ ਵਿਚ ਸੱਤਾ ਸੰਰਚਨਾ, ਨਿਆਇਕ ਤੰਤਰ, ਅਤੇ ਪੁਲਿਸ ਦੀ ਸ਼ਮੂਲੀਅਤ ਨੂੰ ਰਚਨਾਤਮਿਕ ਤਰੀਕੇ ਨਾਲ ਉਜਾਗਰ ਕੀਤਾ ਗਿਆ ਹੈ.
ਸਨਮ ਦੀ ਲਿਖਤ ਸਬਾਲਟਰਨ ਸਟੱਡੀਜ਼ ਅਤੇ ਨਾਰੀਵਾਦੀ ਅਧਿਐਨ ਦੀਆਂ ਲਕੀਰਾਂ ‘ਤੇ ਚੱਲਦੀ ਹੋਈ, ਇਤਿਹਾਸ ਦੀ ਇਕ ਧਾਰਾ-ਵਿਰੋਧੀ ਪੜ੍ਹਤ ਪੇਸ਼ ਕਰਦੀ ਹੈ. ਬੀਬੀਆਂ ਦੀਆਂ ਕਹਾਣੀਆਂ, ਜੋ ਇਤਿਹਾਸਕ ਦਸਤਾਵੇਜ਼ਾਂ, ਕਮਿਸ਼ਨਾਂ ਦੀਆਂ ਰਿਪੋਰਟਾਂ, ਅਤੇ ਆਰਟੀਆਈ ਰਾਹੀਂ ਪ੍ਰਾਪਤ ਸਰਕਾਰੀ ਬਿਆਨਾਂ ਤੋਂ ਇਲਾਵਾ ਮੁਲਾਕਾਤਾਂ ਅਤੇ ਵਾਚਿਕ ਗਵਾਹੀਆਂ ‘ਤੇ ਆਧਾਰਿਤ ਹਨ, ਇਤਿਹਾਸ ਦੀ ਪ੍ਰਕਿਰਿਆ ਨੂੰ ਹੇਠਲੇ ਵਰਗ ਦੀਆਂ ਅੱਖਾਂ ਤੋਂ ਦੁਬਾਰਾ ਲਿਖਣ ਦਾ ਇਕ ਪ੍ਰਮੁੱਖ ਉਦਾਹਰਨ ਬਣਦੀਆਂ ਹਨ. ਇਹ ਪਹੁੰਚ ਲਿੰਗ-ਆਧਾਰਤ ਹਿੰਸਾ, ਵਿਸਥਾਪਨ, ਅਤੇ ਯਾਦ ਦੇ ਅਨੁਭਵੀ ਰੂਪਾਂ ਦੀ ਗੱਲ ਕਰਦੀ ਹੈ, ਜੋ ਅਕਸਰ ਮੁੱਖ ਧਾਰਾ ਇਤਿਹਾਸਕ ਬਿਰਤਾਂਤਾਂ ਵਿਚ ਅਣਡਿੱਠੇ ਰਹਿੰਦੇ ਹਨ.
1984 ਦੀ ਹਿੰਸਾ ਵਿਚ ਹੋਈ ਯੌਨ ਹਿੰਸਾ ਨੂੰ ਕਿਤਾਬ ਦੇ ਮੂਲ ਥੀਮ ਵਜੋਂ ਰੱਖਿਆ ਗਿਆ ਹੈ, ਜਿਸ ‘ਤੇ ਅਕਾਦਮਿਕ ਲਿਖਤਾਂ, ਕਮਿਸ਼ਨ ਰਿਪੋਰਟਾਂ, ਅਤੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਵੀ ਚੁੱਪੀ ਵਰਤੀ ਗਈ ਸੀ. ਇਹ ਰਚਨਾ ਉਸ ਚੁੱਪੀ ‘ਤੇ ਸਿੱਧੀ ਚੋਟ ਕਰਦੀ ਹੈ ਅਤੇ ਬੀਬੀਆਂ ਦੀ ਜ਼ੁਬਾਨ ਰਾਹੀਂ ਉਨ੍ਹਾਂ ਦੀ ਪੀੜਾ ਨੂੰ ਇਤਿਹਾਸ ਦਾ ਅਟੁੱਟ ਹਿੱਸਾ ਬਣਾਉਂਦੀ ਹੈ.
ਇਹ ਕਿਤਾਬ ਸਦਮਾ ਅਧਿਐਨ ਨਾਲ ਵੀ ਸੰਬੰਧਿਤ ਹੈ, ਕਿਉਂਕਿ ਇਹ ਵਿਅਕਤੀਗਤ ਅਤੇ ਸਮੂਹਿਕ ਯਾਦਾਂ ਨੂੰ ਅਜਿਹੇ ਸਮੇਂ ਵਿਚ ਦਰਜ ਕਰਦੀ ਹੈ ਜਦੋਂ ਸਾਰਾ ਰਾਜਨੀਤਿਕ ਢਾਂਚਾ ਇਨਸਾਫ਼ ਤੋਂ ਮੂੰਹ ਮੋੜ ਚੁੱਕਿਆ ਸੀ. ਸਦਮੇ ਦੀ ਇਤਿਹਾਸਿਕਤਾ, ਯਾਦਗਾਰੀ ਰਵਾਇਤ, ਅਤੇ ਰਾਜਨੀਤਿਕ ਸੱਭਿਆਚਾਰ ਦੇ ਸੰਦਰਭ ਵਿਚ, ਇਹ ਕਿਤਾਬ ਔਰਤਾਂ ਦੀ ਚੁੱਪ ਹੋ ਚੁੱਕੀ ਆਵਾਜ਼ ਨੂੰ ਇਕ ਇਤਿਹਾਸਕ ਲਿਖਤ ਵਿਚ ਬਦਲ ਦਿੰਦੀ ਹੈ.
ਸਿੱਖ ਪਛਾਣ ‘ਤੇ ਆਧਾਰਤ ਇਸ ਨਸਲਕੁਸ਼ੀ ਦੌਰਾਨ ਖ਼ਾਸ ਤੌਰ ‘ਤੇ ਬੀਬੀਆਂ ਦਾ ਨਿਸ਼ਾਨਾ ਬਣਨਾ ਇਹ ਦਰਸਾਉਂਦਾ ਹੈ ਕਿ ਰਾਜਨੀਤਿਕ ਹਿੰਸਾ ਸਿਰਫ਼ ਜਾਤੀ ਜਾਂ ਧਰਮ ਵਿਰੁੱਧ ਹੀ ਨਹੀਂ, ਸਗੋਂ ਲਿੰਗ-ਆਧਾਰ ‘ਤੇ ਵੀ ਇਕ ਰਣਨੀਤਕ ਹਥਿਆਰ ਵਜੋਂ ਵਰਤੀ ਜਾਂਦੀ ਹੈ. ਇਸ ਗੱਲ ਨੂੰ ਲੇਖਕ ਨੇ ਸੰਵੇਦਨਸ਼ੀਲ ਪਰ ਅਕਾਦਮਿਕ ਅੰਦਾਜ਼ ਵਿਚ ਦਰਜ ਕਰਕੇ, ਇਕ ਨਵੀਂ ਥੀਮੈਟਿਕ ਲੀਕ ਖਿੱਚੀ ਹੈ ਜੋ ਆਉਣ ਵਾਲੀ ਅਕਾਦਮਿਕ
ਪੀੜ੍ਹੀ ਲਈ ਦਿਸ਼ਾ-ਸੂਚਕ ਸਾਬਤ ਹੋਵੇਗੀ.
ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ “ਦਅ ਕੌਰਜ਼ ਆਫ਼ 1984” ਇਕ ਇਤਿਹਾਸਕ ਰਚਨਾ ਤੋਂ ਵੱਧ ਹੈ — ਇਹ ਹਾਸ਼ੀਏ ‘ਤੇ ਪਏ ਬਿਰਤਾਂਤਾਂ, ਭੁੱਲੇ-ਵਿੱਸਰੇ ਸੱਚਾਂ, ਅਤੇ ਲਿੰਗ-ਆਧਾਰਤ ਪੀੜਾਵਾਂ ਦੀ ਇਕ ਅਕਾਦਮਿਕ ਅਤੇ ਨੈਤਿਕ ਪੁਕਾਰ ਹੈ. ਇਹ ਕਿਤਾਬ ਲਾਜ਼ਮੀ ਤੌਰ ‘ਤੇ ਲਿੰਗ ਅਧਿਐਨ, ਇਤਿਹਾਸ, ਮਨੁੱਖੀ ਅਧਿਕਾਰ, ਅਤੇ ਸਮਾਜ ਵਿਗਿਆਨ ਦੇ ਖੇਤਰਾਂ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਹੈ. ਇਹ ਰਚਨਾ ਨਾ ਸਿਰਫ਼ ਪੜ੍ਹੀ ਜਾਣੀ ਚਾਹੀਦੀ ਹੈ, ਸਗੋਂ ਯਾਦ ਵੀ ਰੱਖੀ ਜਾਣੀ ਚਾਹੀਦੀ ਹੈ.
~ਪਰਮਿੰਦਰ ਸਿੰਘ ਸ਼ੌਂਕੀ
Legal Links
Reach Us
Village Fatehgarh Chhanna, P.O Deh-Kalan, Teh.Distt: Sangrur, Punjab: 148034
Call: 88376-61984, 9464346677, 8851031531
Email: rethinkbooks24@gmail.com
ਜਗਜੀਤ ਸਿੰਘ –
ਬਹੁਤ ਵਧੀਆ ਉਪਰਾਲਾ, ਧੰਨਵਾਦ ਸਨੀ ਸਿੰਘ