Pan India Delivery Available

ਬ੍ਰਦਰਜ਼ ਕਰਾਮਜੋਵ

ਫਿਯੋਦਰ ਦੋਸਤੋਏਵਸਕੀ ਦਾ ਮਹਾਨ ਨਾਵਲ “ਦ ਬ੍ਰਦਰਜ਼ ਕਰਾਮਾਜ਼ੋਵ” ਉਨ੍ਹਾਂ ਦੀ ਸਾਹਿਤਕ ਅਤੇ ਦਾਰਸ਼ਨਿਕ ਯਾਤਰਾ ਦਾ ਸਿਖਰ ਮੰਨਿਆ ਜਾਂਦਾ ਹੈ, ਜਿਸ ਵਿੱਚ ਮਨੁੱਖੀ ਅਸਤਿਤਵ, ਵਿਸ਼ਵਾਸ, ਨੈਤਿਕਤਾ ਅਤੇ ਆਜ਼ਾਦ ਇਰਾਦੇ ਦੇ ਗੰਭੀਰ ਪ੍ਰਸ਼ਨਾਂ ਦੀ ਵਿਸ਼ਾਲ ਅਤੇ ਗਹਿਰੀ ਪੜਤਾਲ ਕੀਤੀ ਗਈ ਹੈ। ਇਹ ਰਚਨਾ ਸਿਰਫ਼ ਇੱਕ ਪਰਿਵਾਰਕ ਕਥਾ ਨਹੀਂ, ਸਗੋਂ ਇੱਕ ਵਿਸ਼ਾਲ ਦਾਰਸ਼ਨਿਕ ਮੰਚ ਹੈ, ਜਿੱਥੇ ਮਨੁੱਖੀ ਜੀਵਨ ਦੇ ਮੂਲ ਸੰਕਟਾਂ ’ਤੇ ਗਹਿਰਾ ਸੰਵਾਦ ਹੁੰਦਾ ਹੈ।

ਨਾਵਲ ਦਾ ਕੇਂਦਰ ਕਰਾਮਾਜ਼ੋਵ ਪਰਿਵਾਰ ਹੈ – ਖ਼ਾਸ ਤੌਰ ’ਤੇ ਫਿਯੋਦਰ ਪਾਵਲੋਵਿਚ ਅਤੇ ਉਸ ਦੇ ਤਿੰਨ ਪੁੱਤਰ: ਦਮਿਤਰੀ, ਇਵਾਨ ਅਤੇ ਅਲਿਓਸ਼ਾ। ਇਹ ਤਿੰਨੇ ਭਰਾ ਮਨੁੱਖੀ ਪ੍ਰਕਿਰਤੀ ਦੇ ਵੱਖ-ਵੱਖ ਪੱਖਾਂ ਦੀ ਨੁਮਾਇੰਦਗੀ ਕਰਦੇ ਹਨ। ਦਮਿਤਰੀ ਜਜ਼ਬਾਤ, ਇੱਛਾ ਅਤੇ ਤੀਬਰਤਾ ਦਾ ਪ੍ਰਤੀਕ ਹੈ; ਇਵਾਨ ਤਰਕ, ਸੰਦੇਹ ਅਤੇ ਨੈਤਿਕ ਵਿਦ੍ਰੋਹ ਦਾ ਪ੍ਰਤੀਨਿਧੀ ਹੈ; ਜਦਕਿ ਅਲਿਓਸ਼ਾ ਆਤਮਿਕਤਾ, ਵਿਸ਼ਵਾਸ ਅਤੇ ਦਇਆ ਦਾ ਪ੍ਰਤੀਕ ਹੈ। ਇਹ ਤਿੰਨੇ ਪਾਤਰ ਇੱਕੋ ਸਮੇਂ ਵਿਅਕਤੀਗਤ ਅਤੇ ਦਾਰਸ਼ਨਿਕ ਪੱਧਰ ’ਤੇ ਆਪਸ ਵਿੱਚ ਟਕਰਾਉਂਦੇ ਹਨ।

ਆਪਣੇ ਇਨ੍ਹਾਂ ਪਾਤਰਾਂ ਦੇ ਰਾਹੀਂ ਦੋਸਤੋਏਵਸਕੀ ਇਸ ਨਾਵਲ ਵਿੱਚ “ਬੁਰਾਈ ਦੀ ਸਮੱਸਿਆ” ਨੂੰ ਕੇਂਦਰ ਵਿੱਚ ਰੱਖਦੇ ਹੋਏ ਇਹ ਪ੍ਰਸ਼ਨ ਉਠਾਉਂਦੇ ਹਨ ਕਿ ਜੇਕਰ ਪਰਮਾਤਮਾ ਹੈ ਤਾਂ ਦੁਨੀਆ ਵਿੱਚ ਏਨਾ ਦੁੱਖ ਅਤੇ ਅਨਿਆਂ ਕਿਉਂ ਹੈ। ਜਿਸ ਦੇ ਜੁਆਬ ਲਈ ਉਹ ਇਕ ਲੰਮੀ ਦਾਰਸ਼ਨਿਕ ਬਹਿਸ ਨੂੰ ਜਨਮ ਦਿੰਦੇ ਹਨ। ਜਿਸ ਦੀ ਬਦੌਲਤ ਇਹ ਨਾਵਲ ਵਿਸ਼ਵਾਸ ਅਤੇ ਸੰਦੇਹ ਦੇ ਵਿਚਕਾਰ ਇੱਕ ਡੂੰਘਾ ਦਾਰਸ਼ਨਿਕ ਸੰਵਾਦ ਬਣ ਜਾਂਦਾ ਹੈ।

ਦੋਸਤੋਏਵਸਕੀ ਲਈ ਇਹ ਨਾਵਲ ਮਹਿਜ਼ ਇੱਕ ਅਪਰਾਧਿਕ ਕਥਾ ਨਹੀਂ ਹੈ, ਸਗੋਂ ਇਹ ਘਟਨਾ ਮਨੁੱਖੀ ਨੈਤਿਕ ਜ਼ਿੰਮੇਵਾਰੀ, ਦੋਸ਼ ਅਤੇ ਆਜ਼ਾਦੀ ਦੇ ਪ੍ਰਸ਼ਨਾਂ ਨੂੰ ਉਜਾਗਰ ਕਰਦੀ ਹੈ। ਜਿਸ ਵਿਚਲਾ ਹਰ ਪਾਤਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਅਪਰਾਧ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਇਹ ਵਿਚਾਰ ਉੱਭਰਦਾ ਹੈ ਕਿ ਦੋਸ਼ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਸਾਂਝਾ ਵੀ ਹੋ ਸਕਦਾ ਹੈ।

ਰਚਨਾਤਮਿਕ ਪੱਖੋਂ, “ਦ ਬ੍ਰਦਰਜ਼ ਕਰਾਮਾਜ਼ੋਵ” ਬਹੁ-ਸੁਰਤਾ ਦਾ ਇੱਕ ਸ਼ਾਨਦਾਰ ਉਦਾਹਰਨ ਹੈ, ਜਿੱਥੇ ਵੱਖ-ਵੱਖ ਆਵਾਜ਼ਾਂ ਅਤੇ ਵਿਚਾਰਧਾਰਾਵਾਂ ਇੱਕ-ਦੂਜੇ ਨਾਲ ਸੰਵਾਦ ਕਰਦੀਆਂ ਹਨ। ਦੋਸਤੋਏਵਸਕੀ ਕਿਸੇ ਇੱਕ ਨੈਤਿਕ ਨਤੀਜੇ ਨੂੰ ਥੋਪਦੇ ਨਹੀਂ, ਸਗੋਂ ਪਾਠਕ ਨੂੰ ਆਪਣੇ ਨਿਰਨੇ ਤੱਕ ਪਹੁੰਚਣ ਲਈ ਪ੍ਰੇਰਿਤ ਕਰਦੇ ਹਨ।

ਇਸ ਨਾਵਲ ਵਿੱਚ ਧਾਰਮਿਕ ਅਤੇ ਆਤਮਿਕ ਪਹਿਲੂ ਵੀ ਗਹਿਰਾਈ ਨਾਲ ਉੱਭਰਦੇ ਹਨ। ਜਿਨ੍ਹਾਂ ਦੇ ਰਾਹੀਂ ਇਹ ਰਚਨਾ ਮਨੁੱਖੀ ਅਸਤਿਤਵ ਦੀ ਇੱਕ ਵਿਸ਼ਾਲ ਅਤੇ ਗਹਿਰੀ ਖੋਜ ਬਣ ਜਾਂਦੀ ਹੈ, ਜਿੱਥੇ ਵਿਸ਼ਵਾਸ ਅਤੇ ਸੰਦੇਹ, ਆਜ਼ਾਦੀ ਅਤੇ ਜ਼ਿੰਮੇਵਾਰੀ, ਪ੍ਰੇਮ ਅਤੇ ਬੁਰਾਈ – ਸਭ ਇੱਕ ਜਟਿਲ ਪਰਸਪਰ ਸੰਬੰਧ ਵਿੱਚ ਬੱਝੇ ਹੋਏ ਹਨ। ਦੋਸਤੋਏਵਸਕੀ ਇਸ ਰਚਨਾ ਰਾਹੀਂ ਇਹ ਦਰਸਾਉਂਦੇ ਹਨ ਕਿ ਮਨੁੱਖੀ ਜੀਵਨ ਦਾ ਅਸਲ ਸੰਘਰਸ਼ ਬਾਹਰੀ ਸੰਸਾਰ ਨਾਲ ਨਹੀਂ, ਸਗੋਂ ਆਪਣੇ ਅੰਦਰਲੇ ਨੈਤਿਕ ਅਤੇ ਆਤਮਿਕ ਸੰਕਟਾਂ ਨਾਲ ਹੁੰਦਾ ਹੈ।

ਇਹ ਨਾਵਲ ਪਾਠਕ ਨੂੰ ਸਿਰਫ਼ ਕਥਾ ਨਹੀਂ ਦਿੰਦਾ, ਸਗੋਂ ਇੱਕ ਅਜਿਹਾ ਦਾਰਸ਼ਨਿਕ ਅਨੁਭਵ ਪ੍ਰਦਾਨ ਕਰਦਾ ਹੈ, ਜੋ ਉਸ ਨੂੰ ਆਪਣੇ ਅਸਤਿਤਵ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਮਹਾਨ ਸਾਹਿਤ ਅੰਦਰ ਇਸ ਲਿਖਤ ਦਾ ਸਥਾਨ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ।

ਪਰਮਿੰਦਰ ਸਿੰਘ ਸ਼ੌਂਕੀ

Share this post: